NSW ਵਿੱਚ ਸਹਾਇਤਾ ਨਾਲ ਸਵੈ-ਇੱਛੁਕ ਮੌਤ

ਇਹ ਜਾਣਕਾਰੀ ਮਰਨ ਅਤੇ ਮੌਤ ਬਾਰੇ ਗੱਲ ਕਰਦੀ ਹੈ। ਇਹ ਸਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਲਈ ਹੈ ਜੋ ਸਹਾਇਤਾ ਨਾਲ ਸਵੈ-ਇੱਛੁਕ ਮੌਤ ਬਾਰੇ ਜਾਣਕਾਰੀ ਦੀ ਭਾਲ ਕਰ ਰਹੇ ਹਨ। ਤੁਹਾਡੀ ਭਾਸ਼ਾ ਵਿੱਚ ਜਾਣਕਾਰੀ NSW ਹੈਲਥ ਵੈੱਬਸਾਈਟ 'ਤੇ ਉਪਲਬਧ ਹੈ ਅਤੇ ਤੁਹਾਡੀ ਮਦਦ ਕਰਨ ਲਈ ਦੁਭਾਸ਼ੀਏ ਉਪਲਬਧ ਹਨ।

ਸਹਾਇਤਾ ਨਾਲ ਸਵੈ-ਇੱਛੁਕ ਮੌਤ ਕੁਝ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਸੰਵੇਦਨਸ਼ੀਲ ਵਿਸ਼ਾ ਹੋ ਸਕਦਾ ਹੈ। ਤੁਸੀਂ ਇਹ ਫ਼ੈਸਲਾ ਕਰਨ ਲਈ ਆਪਣੇ ਪਿਆਰਿਆਂ ਅਤੇ ਭਾਈਚਾਰੇ ਨਾਲ ਗੱਲ ਕਰਨਾ ਪਸੰਦ ਕਰ ਸਕਦੇ ਹੋ ਕਿ ਕੀ ਸਹਾਇਤਾ ਨਾਲ ਸਵੈ-ਇੱਛੁਕ ਮੌਤ ਤੁਹਾਡੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਨਾਲ ਮੇਲ ਖਾਂਦੀ ਹੈ ਅਤੇ ਤੁਹਾਡੇ ਲਈ ਸਹੀ ਚੋਣ ਹੈ।

Last updated: 24 November 2023
Download

​ਸਹਾਇਤਾ ਨਾਲ ਸਵੈ-ਇੱਛੁਕ ਮੌਤ ਦਾ ਕੀ ਮਤਲਬ ਹੈ?

ਸਹਾਇਤਾ ਨਾਲ ਸਵੈ-ਇੱਛੁਕ ਮੌਤ ਦਾ ਮਤਲਬ ਹੈ ਕਿ ਕੁਝ ਲੋਕ ਆਪਣੀ ਮੌਤ ਲਈ ਡਾਕਟਰੀ ਸਹਾਇਤਾ ਲੈਣ ਲਈ ਡਾਕਟਰ ਨੂੰ ਪੁੱਛ ਸਕਦੇ ਹਨ।

ਇਹ ਹਰ ਕਿਸੇ ਲਈ ਨਹੀਂ ਹੈ - ਤੁਹਾਨੂੰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਅਤੇ ਹਰ ਕੋਈ ਜੋ ਯੋਗ ਹੈ ਉਹ ਇਸ ਦੀ ਚੋਣ ਨਹੀਂ ਕਰੇਗਾ। ਇਹ ਤੁਹਾਡੀ ਚੋਣ ਹੈ। ਤੁਸੀਂ ਕੋਈ ਅਜਿਹੀ ਦਵਾਈ ਲੈਂਦੇ ਹੋ ਜਾਂ ਦਿੱਤੀ ਜਾਂਦੀ ਹੈ ਜੋ ਤੁਹਾਡੇ ਵੱਲੋਂ ਚੁਣੇ ਗਏ ਸਮੇਂ ਅਤੇ ਸਥਾਨ 'ਤੇ ਤੁਹਾਡੀ ਮੌਤ ਨੂੰ ਲਿਆਉਂਦੀ ਹੈ।

ਕੇਵਲ ਇਕ ਡਾਕਟਰ ਜਿਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਜਿਸ ਨੇ ਵਿਸ਼ੇਸ਼ ਸਿਖਲਾਈ ਲਈ ਹੈ, ਤੁਹਾਨੂੰ ਦਵਾਈ ਦੇ ਸਕਦਾ ਹੈ।

ਸਹਾਇਤਾ ਨਾਲ ਸਵੈ-ਇੱਛੁਕ ਮੌਤ ਤੱਕ ਕੌਣ ਪਹੁੰਚ ਕਰ ਸਕਦਾ ਹੈ?

ਜੇ ਤੁਸੀਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਕਰਨਾ ਚਾਹੀਦਾ ਹੈ:

  • ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। 17 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਯੋਗ ਨਹੀਂ ਹਨ 
  • ਆਸਟ੍ਰੇਲੀਆ ਦਾ ਨਾਗਰਿਕ ਜਾਂ ਆਸਟ੍ਰੇਲੀਆ ਦਾ ਸਥਾਈ ਵਸਨੀਕ ਹੋਣਾ ਜਾਂ ਲਗਾਤਾਰ ਘੱਟੋ ਘੱਟ ਤਿੰਨ ਸਾਲਾਂ ਤੋਂ ਲਗਾਤਾਰ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੋਣਾ ਚਾਹੀਦਾ ਹੈ
  • ਘੱਟੋ ਘੱਟ 12 ਮਹੀਨਿਆਂ ਲਈ NSW ਵਿੱਚ ਰਹਿ ਰਹੇ ਹੋ
  • ਤੁਹਾਨੂੰ ਕੋਈ ਬਿਮਾਰੀ ਹੈ ਜੋ ਤੁਹਾਡੀ ਮੌਤ ਦਾ ਕਾਰਨ ਬਣੇਗੀ ਅਤੇ ਮੌਤ 6 ਮਹੀਨਿਆਂ ਤੋਂ ਘੱਟ ਸਮੇਂ ਵਿੱਚ ਜਾਂ ਫਿਰ 12 ਮਹੀਨਿਆਂ ਵਿੱਚ ਹੋਵੇਗੀ ਜੇ ਤੁਹਾਨੂੰ ਨਿਊਰੋਡੀਜਨਰੇਟਿਵ ਬਿਮਾਰੀ ਹੈ (ਤੁਹਾਡੇ ਕੇਂਦਰੀ ਦਿਮਾਗੀ ਪ੍ਰਣਾਲੀ ਦੇ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਾਂ ਮਰ ਜਾਂਦੇ ਹਨ)
  • ਤੁਹਾਨੂੰ ਕੋਈ ਬਿਮਾਰੀ ਹੈ ਜਿਸ ਨਾਲ ਤੁਹਾਨੂੰ ਬਹੁਤ ਦਰਦ ਹੁੰਦਾ ਹੈ। ਇਹ ਦਰਦ ਸਰੀਰਕ, ਮਨੋਵਿਗਿਆਨਕ, ਸਮਾਜਿਕ ਜਾਂ ਭਾਵਨਾਤਮਕ ਹੋ ਸਕਦਾ ਹੈ। ਤੁਹਾਡਾ ਡਾਕਟਰ ਤੁਹਾਡੇ ਦਰਦ ਦੇ ਪੱਧਰ ਨੂੰ ਸਮਝਣ ਲਈ ਤੁਹਾਡੇ ਨਾਲ ਗੱਲ ਕਰੇਗਾ ਅਤੇ ਇਸ ਦਰਦ ਦਾ ਪ੍ਰਬੰਧ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਉਪਲਬਧ ਵਿਕਲਪਾਂ ਨੂੰ ਸਮਝਾਵੇਗਾ
  • ਸਾਰੀ ਕਾਰਵਾਈ ਦੇ ਦੌਰਾਨ ਆਪਣੇ ਖੁਦ ਦੇ ਫ਼ੈਸਲੇ ਲੈਣ ਅਤੇ ਦੱਸਣ ਦੇ ਯੋਗ ਹੋਵੋ 
  • ਸਵੈ-ਇੱਛੁਕ ਮੌਤ ਵਾਸਤੇ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਹੋ। 'ਸਵੈਇੱਛੁਕ' ਦਾ ਮਤਲਬ ਹੈ ਕਿ ਇਹ ਤੁਹਾਡੀ ਚੋਣ ਹੋਣੀ ਚਾਹੀਦੀ ਹੈ।

ਇਕੱਲੀ ਮਾਨਸਿਕ ਬਿਮਾਰੀ ਜਾਂ ਅਪੰਗਤਾ ਹੋਣਾ ਕੋਈ ਯੋਗ ਕਾਰਨ ਨਹੀਂ ਹੈ। ਹਾਲਾਂਕਿ, ਜੇ ਤੁਸੀਂ ਉਪਰੋਕਤ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਅਤੇ ਤੁਹਾਨੂੰ ਅਪੰਗਤਾ ਜਾਂ ਮਾਨਸਿਕ ਬਿਮਾਰੀ ਹੈ (ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਫ਼ੈਸਲੇ ਲੈਣ ਅਤੇ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ), ਤਾਂ ਤੁਸੀਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਤੱਕ ਪਹੁੰਚ ਕਰ ਸਕਦੇ ਹੋ।

ਤੁਸੀਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਤੱਕ ਕਿਵੇਂ ਪਹੁੰਚ ਕਰਦੇ ਹੋ?

NSW ਵਿੱਚ, ਕੁਝ ਕਾਨੂੰਨੀ ਕਦਮ ਹਨ ਜਿੰਨ੍ਹਾਂ ਦੀ ਤੁਹਾਨੂੰ ਪਾਲਣਾ ਕਰਨ ਦੀ ਲੋੜ ਹੈ। ਜ਼ਿਆਦਾਤਰ ਕਦਮਾਂ ਲਈ, ਤੁਸੀਂ ਆਪਣੀ ਗਤੀ ਨਾਲ ਕਾਰਵਾਈ ਦੇ ਦੌਰਾਨ ਆਪਣੇ ਤਰੀਕੇ ਨਾਲ ਕੰਮ ਕਰ ਸਕਦੇ ਹੋ।

ਆਪਣੇ ਡਾਕਟਰ ਨੂੰ ਸਹਾਇਤਾ ਨਾਲ ਸਵੈ-ਇੱਛੁਕ ਮੌਤ ਬਾਰੇ ਪੁੱਛ ਕੇ ਸ਼ੁਰੂਆਤ ਕਰੋ। ਜ਼ਿਆਦਾਤਰ ਲੋਕਾਂ ਲਈ, ਇਹ ਤੁਹਾਡੀ ਇਲਾਜ ਕਰਨ ਵਾਲੀ ਟੀਮ ਦਾ ਇਕ ਡਾਕਟਰ ਹੋਵੇਗਾ ਜੋ ਤੁਹਾਡੀ ਬਿਮਾਰੀ ਵਾਸਤੇ ਸਿਹਤ ਸੰਭਾਲ ਦੀ ਦੇਖਭਾਲ ਕਰ ਰਿਹਾ ਹੈ।

NSW ਵਿੱਚ ਸਿਰਫ ਕੁਝ ਡਾਕਟਰ ਹੀ ਸਹਾਇਤਾ ਨਾਲ ਸਵੈ-ਇੱਛੁਕ ਮੌਤ ਪ੍ਰਦਾਨ ਕਰ ਸਕਦੇ ਹਨ। ਜੇ ਤੁਹਾਡਾ ਡਾਕਟਰ ਕਹਿੰਦਾ ਹੈ ਕਿ ਉਹ ਸਹਾਇਤਾ ਨਾਲ ਸਵੈ-ਇੱਛੁਕ ਮੌਤ ਵਾਲੀ ਸੇਵਾ ਪ੍ਰਦਾਨ ਨਹੀਂ ਕਰਦੇ ਤਾਂ ਤੁਸੀਂ NSW Voluntary Assisted Dying Care Navigator Service (NSW ਵਾਲੰਟੀਅਰੀ ਅਸਿਸਟਡ ਡਾਈਂਗ ਕੇਅਰ ਨੇਵੀਗੇਟਰ ਸਰਵਿਸ) (ਵੇਰਵੇ ਹੇਠਾਂ ਦਿੱਤੇ ਗਏ ਹਨ) ਨਾਲ ਸੰਪਰਕ ਕਰ ਸਕਦੇ ਹੋ। ਕੇਅਰ ਨੇਵੀਗੇਟਰ ਸਰਵਿਸ ਤੁਹਾਨੂੰ ਕਿਸੇ ਡਾਕਟਰ ਨੂੰ ਲੱਭਣ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰ ਸਕਦੀ ਹੈ।

ਜੇ ਤੁਹਾਨੂੰ ਭਾਸ਼ਾ ਵਿੱਚ ਸਹਾਇਤਾ ਦੀ ਲੋੜ ਹੈ ਤਾਂ ਤੁਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 131 450 'ਤੇ ਫ਼ੋਨ ਕਰ ਸਕਦੇ ਹੋ ਅਤੇ 1300 802 133 'ਤੇ NSW Voluntary Assisted Dying Care Navigator Service ਨੂੰ ਫ਼ੋਨ ਕਰਨ ਵਾਸਤੇ ਪੁੱਛ ਸਕਦੇ ਹੋ।

ਤੁਹਾਡੇ ਪਰਿਵਾਰ, ਦੋਸਤਾਂ ਅਤੇ ਸੰਭਾਲ ਕਰਨ ਵਾਲਿਆਂ ਦੀ ਭੂਮਿਕਾ

ਕੁਝ ਲੋਕ ਇਕ ਪਰਿਵਾਰ ਵਜੋਂ ਆਪਣੇ ਪਿਆਰੇ ਦੀ ਮੌਤ ਅਤੇ ਮਰਨ ਬਾਰੇ ਫ਼ੈਸਲਾ ਲੈਣ ਦੀ ਚੋਣ ਕਰ ਸਕਦੇ ਹਨ।

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਿਆਰਿਆਂ ਨਾਲ ਇਹ ਗੱਲਬਾਤ ਕਰਨਾ ਪਸੰਦ ਕਰ ਸਕਦੇ ਹੋ।

ਇਹ ਮਹੱਤਵਪੂਰਨ ਹੈ ਜੇ ਕੋਈ ਆਮ ਤੌਰ 'ਤੇ ਤੁਹਾਡੀ ਸਿਹਤ ਬਾਰੇ ਫ਼ੈਸਲੇ ਲੈਣ ਵਿੱਚ ਤੁਹਾਡੀ ਮਦਦ ਕਰਦਾ ਹੈ ਜਾਂ ਤੁਹਾਡੀ ਤਰਫੋਂ ਕਿਸੇ ਡਾਕਟਰ ਨਾਲ ਗੱਲ ਕਰਦਾ ਹੈ।

ਤੁਹਾਡੇ ਪਿਆਰੇ ਤੁਹਾਡੇ ਨਾਲ ਹਾਜ਼ਰ ਹੋ ਸਕਦੇ ਹਨ ਜਦੋਂ ਤੁਸੀਂ ਆਪਣੇ ਡਾਕਟਰ ਦੇ ਨਾਲ ਸਹਾਇਤਾ ਨਾਲ ਸਵੈ-ਇੱਛੁਕ ਮੌਤ ਬਾਰੇ ਗੱਲ ਕਰਦੇ ਹੋ, ਪਰ ਕਾਨੂੰਨ ਵਿੱਚ ਕੁਝ ਮਹੱਤਵਪੂਰਨ ਨਿਯਮ ਹਨ:

  • ਕੇਵਲ ਤੁਸੀਂ ਹੀ ਮੌਤ ਲਈ ਡਾਕਟਰੀ ਮਦਦ ਮੰਗ ਸਕਦੇ ਹੋ
  • ਕੋਈ ਹੋਰ ਤੁਹਾਡੇ ਵਾਸਤੇ ਸਹਾਇਤਾ ਨਾਲ ਸਵੈ-ਇੱਛੁਕ ਨਾਲ ਮੌਤ ਦੀ ਮੰਗ ਨਹੀਂ ਕਰ ਸਕਦਾ
  • ਕੋਈ ਵੀ ਤੁਹਾਨੂੰ ਸਹਾਇਤਾ ਨਾਲ ਸਵੈ-ਇੱਛੁਕ ਤਰੀਕੇ ਨਾਲ ਮੌਤ ਬਾਰੇ ਪੁੱਛਣ ਲਈ ਨਹੀਂ ਕਹਿ ਸਕਦਾ।

ਕਾਨੂੰਨ ਕਹਿੰਦਾ ਹੈ ਕਿ ਕਦਮਾਂ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਉਪਰ ਕਿਸੇ ਹੋਰ ਵਿਅਕਤੀ ਦੁਆਰਾ ਸਹਾਇਤਾ ਨਾਲ ਸਵੈ-ਇੱਛੁਕ ਮੌਤ ਦੀ ਚੋਣ ਕਰਨ ਲਈ ਦਬਾਅ ਨਹੀਂ ਪਾਇਆ ਜਾ ਰਿਹਾ ਹੈ। ਇਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਇਹ ਤੁਹਾਡੀ ਚੋਣ ਹੈ।

ਤੁਹਾਡੇ ਪਰਿਵਾਰ ਦੇ ਕੁਝ ਲੋਕਾਂ ਨੂੰ ਮੌਤ ਲਈ ਡਾਕਟਰੀ ਮਦਦ ਮੰਗਣ ਦੀ ਤੁਹਾਡੀ ਚੋਣ ਨੂੰ ਸਮਝਣਾ ਮੁਸ਼ਕਿਲ ਲੱਗ ਸਕਦਾ ਹੈ। ਉਹ ਤੁਹਾਡੇ ਨਾਲ ਅਸਹਿਮਤ ਹੋ ਸਕਦੇ ਹਨ। ਹਾਲਾਂਕਿ, ਜੇ ਤੁਸੀਂ ਚਾਹੁੰਦੇ ਹੋ ਅਤੇ ਤੁਸੀਂ ਸਾਰੀਆਂ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਹੋ ਤਾਂ ਉਹ ਤੁਹਾਨੂੰ ਸਹਾਇਤਾ ਨਾਲ ਸਵੈ-ਇੱਛੁਕ ਤਰੀਕੇ ਨਾਲ ਮੌਤ ਤੋਂ ਨਹੀਂ ਰੋਕ ਸਕਦੇ।

ਲੋਕਾਂ ਦੇ ਵੱਖ-ਵੱਖ ਵਿਚਾਰ ਹੋ ਸਕਦੇ ਹਨ। ਇਹ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ।

ਜਾਣਨ ਲਈ ਹੋਰ ਚੀਜ਼ਾਂ

  • ਤੁਸੀਂ ਕਿਸੇ ਵੀ ਸਮੇਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਦੀ ਕਾਰਵਾਈ ਨੂੰ ਰੋਕ ਜਾਂ ਖਤਮ ਕਰ ਸਕਦੇ ਹੋ। ਤੁਹਾਨੂੰ ਕੋਈ ਕਾਰਨ ਦੱਸਣ ਦੀ ਲੋੜ ਨਹੀਂ ਹੈ
  • ਭਾਵੇਂ ਤੁਹਾਨੂੰ ਦਵਾਈ ਤਜਵੀਜ਼ ਕੀਤੀ ਗਈ ਹੈ ਜਾਂ ਤੁਸੀਂ ਦਵਾਈ ਪ੍ਰਾਪਤ ਕਰ ਲਈ ਹੈ, ਤੁਹਾਨੂੰ ਇਸ ਨੂੰ ਲੈਣ ਦੀ ਲੋੜ ਨਹੀਂ ਹੈ
  • ਦਵਾਈ ਲੈਣ ਜਾਂ ਦਿੱਤੇ ਜਾਣ ਦਾ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਦਿਨ, ਹਫ਼ਤੇ ਜਾਂ ਮਹੀਨੇ ਲੱਗ ਸਕਦੇ ਹਨ ਅਤੇ ਇਹ ਸਹੀ ਹੈ
  • ਤੁਸੀਂ ਦਵਾਈ ਨੂੰ ਆਪਣੇ ਪਿਆਰਿਆਂ ਨਾਲ ਘਰ ਵਿੱਚ ਲੈ ਸਕਦੇ ਹੋ। ਤੁਹਾਡੇ ਪਿਆਰੇ ਵੀ ਤੁਹਾਡੇ ਨਾਲ ਹਾਜ਼ਰ ਰਹਿ ਸਕਦੇ ਹਨ ਜੇ ਤੁਹਾਨੂੰ ਕਿਸੇ ਹੋਰ ਜਗ੍ਹਾ ਜਿਵੇਂ ਕਿ ਹਸਪਤਾਲ ਜਾਂ ਬਜ਼ੁਰਗ ਦੇਖਭਾਲ ਸੁਵਿਧਾ ਵਿੱਚ ਦਵਾਈ ਲੈਣ ਦੀ ਲੋੜ ਹੈ। ਤੁਸੀਂ ਦਵਾਈ ਨੂੰ NSW ਤੋਂ ਬਾਹਰ ਨਹੀਂ ਲੈ ਸਕਦੇ
  • ਤੁਹਾਡਾ ਸਹਾਇਤਾ ਨਾਲ ਸਵੈ-ਇੱਛੁਕ ਮੌਤ ਵਾਲਾ ਡਾਕਟਰ ਅਤੇ/ਜਾਂ ਫਾਰਮਾਸਿਸਟ ਤੁਹਾਨੂੰ ਦਵਾਈ ਬਾਰੇ ਵਧੇਰੇ ਜਾਣਕਾਰੀ ਦੇਵੇਗਾ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਸ ਨੂੰ ਕਿਵੇਂ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਨੂੰ ਸੁਰੱਖਿਅਤ ਰੱਖਣ ਲਈ ਨਿਯਮ ਹਨ 
  • ਡਾਕਟਰਾਂ ਦੀ ਤੁਹਾਡੀ ਪਰਦੇਦਾਰੀ ਅਤੇ ਗੁਪਤਤਾ ਦੇ ਅਧਿਕਾਰ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ। ਇਸ ਵਿੱਚ ਸਹਾਇਤਾ ਨਾਲ ਸਵੈ-ਇੱਛੁਕ ਮੌਤ ਬਾਰੇ ਤੁਹਾਡੇ ਡਾਕਟਰ ਨਾਲ ਤੁਹਾਡੀਆਂ ਕੋਈ ਵੀ ਵਿਚਾਰ-ਵਟਾਂਦਰੇ ਸ਼ਾਮਲ ਹਨ। ਤੁਹਾਡਾ ਡਾਕਟਰ ਤੁਹਾਡੇ ਫ਼ੈਸਲੇ ਬਾਰੇ ਤੁਹਾਡੇ ਪਰਿਵਾਰ, ਦੋਸਤਾਂ ਜਾਂ ਸੰਭਾਲ ਕਰਨ ਵਾਲਿਆਂ ਨਾਲ ਗੱਲ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ ਕਿ ਉਹ ਕਰ ਸਕਦੇ ਹਨ
  • ਅਲੱਗ ਰਹਿੰਦੇ ਮਰੀਜ਼ਾਂ ਦੀ ਯਾਤਰਾ ਅਤੇ ਰਿਹਾਇਸ਼ ਸਹਾਇਤਾ ਸਕੀਮ ਯਾਤਰਾ ਅਤੇ ਰਿਹਾਇਸ਼ ਦੇ ਖਰਚਿਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਜੇ ਤੁਸੀਂ NSW ਦੇ ਦਿਹਾਤੀ ਜਾਂ ਦੂਰ-ਦੁਰਾਡੇ ਇਲਾਕੇ ਵਿੱਚ ਰਹਿੰਦੇ ਹੋ ਤਾਂ ਇਹ ਉਪਲਬਧ ਹੈ
  • ਸਹਾਇਤਾ ਨਾਲ ਸਵੈ-ਇੱਛੁਕ ਤਰੀਕੇ ਨਾਲ ਮਰਨਾ ਅਤੇ ਖੁਦਕੁਸ਼ੀ ਵੱਖ-ਵੱਖ ਹਨ। ਮੌਤ ਲਈ ਡਾਕਟਰੀ ਮਦਦ ਮੰਗਣਾ NSW ਵਿੱਚ ਕਾਨੂੰਨ ਦੇ ਅਧੀਨ ਖੁਦਕੁਸ਼ੀ ਨਹੀਂ ਹੈ
  • ਤੁਹਾਡਾ ਮੌਤ ਦਾ ਸਰਟੀਫਿਕੇਟ ਤੁਹਾਡੀ ਮੌਤ ਦੇ ਕਾਰਨ ਨੂੰ ਸਹਾਇਤਾ ਨਾਲ ਸਵੈ-ਇੱਛੁਕ ਮੌਤ ਵਜੋਂ ਸੂਚੀਬੱਧ ਨਹੀਂ ਕਰੇਗਾ।

ਜੀਵਨ ਦੇ ਅੰਤ ਸਮੇਂ ਵਾਲੀ ਸੰਭਾਲ

ਤੁਸੀਂ ਅਤੇ ਤੁਹਾਡਾ ਡਾਕਟਰ ਭਵਿੱਖ ਵਿੱਚ ਤੁਹਾਡੀ ਸੰਭਾਲ ਵਾਸਤੇ ਤੁਹਾਡੀਆਂ ਲੋੜਾਂ, ਉਮੀਦਾਂ ਅਤੇ ਤਰਜੀਹਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮਿਲ ਕੇ ਕੰਮ ਕਰੋਗੇ। ਇਸ ਵਿੱਚ ਇਹ ਜਾਣਨਾ ਸ਼ਾਮਲ ਹੈ ਕਿ ਤੁਹਾਡੀ ਜ਼ਿੰਦਗੀ ਦੇ ਅੰਤ ਵਿੱਚ ਤੁਹਾਡੇ ਕੋਲ ਕਿਹੜੀਆਂ ਚੋਣਾਂ ਹਨ।

NSW ਦੀ ਸਿਹਤ ਸੰਭਾਲ ਪ੍ਰਣਾਲੀ ਤੁਹਾਡੀ ਉਸ ਤਰ੍ਹਾਂ ਦੇਖਭਾਲ ਕਰੇਗੀ ਜੋ ਵੀ ਤੁਸੀਂ ਚੋਣ ਕਰਦੇ ਹੋ।

ਜੇ ਤੁਸੀਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਦੀ ਚੋਣ ਕਰਦੇ ਹੋ ਤਾਂ ਤੁਸੀਂ ਅਜੇ ਵੀ ਹੋਰ ਦੇਖਭਾਲ ਤੱਕ ਪਹੁੰਚ ਕਰਨ ਦੇ ਯੋਗ ਹੋਵੋਗੇ ਜਿਸ ਦੀ ਤੁਹਾਨੂੰ ਲੋੜ ਹੋ ਸਕਦੀ ਹੈ, ਜਿਸ ਵਿੱਚ ਉਪਚਾਰਕ (ਪੈਲੀਏਟਿਵ) ਸੰਭਾਲ ਵੀ ਸ਼ਾਮਲ ਹੈ।

ਪੈਲੀਏਟਿਵ ਕੇਅਰ ਬਾਰੇ ਹੋਰ ਜਾਣੋ: ਪੈਲੀਏਟਿਵ ਕੇਅਰ

NSW ਵਾਲੰਟੀਅਰੀ ਅਸਿਸਟਡ ਡਾਈਂਗ ਕੇਅਰ ਨੇਵੀਗੇਟਰ ਸਰਵਿਸ

ਕੇਅਰ ਨੇਵੀਗੇਟਰ ਸੇਵਾ ਮਰੀਜ਼ਾਂ ਅਤੇ ਪਰਿਵਾਰਾਂ ਸਮੇਤ ਹਰ ਕਿਸੇ ਦੀ ਸਹਾਇਤਾ ਕਰਨ ਲਈ ਉਪਲਬਧ ਹੈ।

ਇਹ ਸਹਾਇਤਾ ਨਾਲ ਸਵੈ-ਇੱਛੁਕ ਮੌਤ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੀ ਹੈ ਅਤੇ ਲੋੜ ਪੈਣ 'ਤੇ ਡਾਕਟਰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਇਹ ਕਾਰਵਾਈ ਦੇ ਸਾਰੇ ਪੜਾਵਾਂ 'ਤੇ ਉਪਲਬਧ ਹੈ।

ਕੇਅਰ ਨੇਵੀਗੇਟਰ ਸਹਾਇਤਾ ਅਮਲੇ ਨਾਲ ਗੱਲ ਕਰਨ ਲਈ:

ਫ਼ੋਨ ਕਰੋ: 1300 802 133 ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 4:30 ਵਜੇ ਤੱਕ (ਜਨਤਕ ਛੁੱਟੀਆਂ ਨੂੰ ਛੱਡ ਕੇ)

ਈਮੇਲ: NSLHD-VADCareNavigator@health.nsw.gov.au

ਮੈਨੂੰ ਸਹਾਇਤਾ ਨਾਲ ਸਵੈ-ਇੱਛੁਕ ਮੌਤ ਤੱਕ ਪਹੁੰਚ ਕਰਨ ਲਈ ਦੁਭਾਸ਼ੀਏ ਦੀ ਲੋੜ ਹੈ। ਮੈਂ ਕੀ ਕਰਾਂ?

ਜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣਾ ਪਸੰਦ ਕਰਦੇ ਹੋ ਤਾਂ ਤੁਸੀਂ ਸਹਾਇਤਾ ਨਾਲ ਸਵੈ-ਇੱਛੁਕ ਮੌਤ ਤੱਕ ਪਹੁੰਚ ਕਰਨ ਦੀ ਕਾਰਵਾਈ ਸ਼ੁਰੂ ਕਰਨ ਲਈ ਦੁਭਾਸ਼ੀਏ ਦੀ ਵਰਤੋਂ ਕਰ ਸਕਦੇ ਹੋ।

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ ਆਪਣੇ ਡਾਕਟਰ ਨੂੰ ਦੱਸੋ। ਤੁਹਾਡਾ ਡਾਕਟਰ ਇਸ ਦਾ ਪ੍ਰਬੰਧ ਕਰ ਸਕਦਾ ਹੈ। ਇਹ ਮੁਫ਼ਤ ਹੈ।

ਕੇਵਲ ਵਿਸ਼ੇਸ਼ ਸਿਖਲਾਈ ਵਾਲੇ ਕੁਝ ਲੋਕ ਹੀ ਸਹਾਇਤਾ ਨਾਲ ਸਵੈ-ਇੱਛੁਕ ਮੌਤ ਵਾਸਤੇ ਤੁਹਾਡੇ ਦੁਭਾਸ਼ੀਏ ਹੋ ਸਕਦੇ ਹਨ।

ਕੋਈ ਪਰਿਵਾਰ ਦਾ ਜੀਅ, ਦੋਸਤ, ਸੰਭਾਲ ਕਰਨ ਵਾਲਾ ਜਾਂ ਸੰਪਰਕ ਵਿਅਕਤੀ ਜਿਸ ਕੋਲ ਵਿਸ਼ੇਸ਼ ਸਿਖਲਾਈ ਨਹੀਂ ਹੈ, ਤੁਹਾਡਾ ਦੁਭਾਸ਼ੀਆ ਨਹੀਂ ਹੋ ਸਕਦਾ। ਇਹ NSW ਵਿੱਚਲੇ ਕਾਨੂੰਨ ਦੇ ਕਾਰਨ ਹੈ।

ਮਾਨਸਿਕ ਸਿਹਤ ਸਹਾਇਤਾ

ਮੌਤ ਅਤੇ ਸਹਾਇਤਾ ਨਾਲ ਸਵੈ-ਇੱਛੁਕ ਮੌਤ ਬਾਰੇ ਗੱਲ ਕਰਨਾ ਮੁਸ਼ਕਿਲ ਅਤੇ ਦੁਖਦਾਈ ਹੋ ਸਕਦਾ ਹੈ। ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਇਹਨਾਂ ਮੁਫ਼ਤ ਸੇਵਾਵਾਂ ਨੂੰ ਫ਼ੋਨ ਕਰੋ:

  • Transcultural Mental Health Line (ਟ੍ਰਾਂਸਕਲਚਰਲ ਮੈਂਟਲ ਹੈਲਥ ਲਾਈਨ) 1800 648 911 'ਤੇ - ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 4:30 ਵਜੇ ਦੇ ਵਿਚਕਾਰ ਖੁੱਲ੍ਹੀ ਹੈ। ਉਹਨਾਂ ਡਾਕਟਰਾਂ ਨਾਲ ਗੱਲ ਕਰੋ ਜੋ ਤੁਹਾਡੇ ਸਭਿਆਚਾਰ ਨੂੰ ਸਮਝਦੇ ਹਨ ਅਤੇ ਤੁਹਾਡੀ ਭਾਸ਼ਾ ਵਿੱਚ ਗੱਲ-ਬਾਤ ਕਰ ਸਕਦੇ ਹਨ
  • Lifeline (ਲਾਈਫ਼ਲਾਈਨ) ਨੂੰ 13 11 14 ‘ਤੇ - ਸੰਕਟ ਟੈਲੀਫ਼ੋਨ ਸਹਾਇਤਾ 24 ਘੰਟਿਆਂ ਲਈ ਖੁੱਲ੍ਹੀ
  • Beyond Blue ਨੂੰ 1300 22 4636 'ਤੇ - ਸੰਕਟ ਟੈਲੀਫ਼ੋਨ ਸਹਾਇਤਾ 24 ਘੰਟਿਆਂ ਲਈ ਖੁੱਲ੍ਹੀ
  • Mental Health Line (ਮਾਨਸਿਕ ਸਿਹਤ ਲਾਈਨ) 1800 011 511 'ਤੇ  - ਤੁਹਾਨੂੰ NSW ਸਿਹਤ ਮਾਨਸਿਕ ਸਿਹਤ ਸੇਵਾਵਾਂ ਨਾਲ ਜੋੜਨ ਲਈ 24 ਘੰਟੇ ਖੁੱਲ੍ਹੀ ਹੈ।

ਵਧੇਰੇ ਜਾਣਕਾਰੀ

Current as at: Friday 24 November 2023