23 April 2024

ਨਿਉ ਸਾਊਥ ਵੇਲਜ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 2024 ਦੇ ਫਲੂ ਸੀਜ਼ਨ ਤੋਂ ਪਹਿਲਾਂ ਹੀ, ਆਪਣੀ ਇਨਫਲੂਐਂਜ਼ਾ ਵੈਕਸੀਨ ਬੁੱਕ ਕਰਵਾ ਕੇ ਗੰਭੀਰ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣ।

ਨਵੀਨਤਮ ਸਾਹ-ਸੰਬੰਧੀ ਨਿਗਰਾਨੀ ਰਿਪੋਰਟ (respiratory surveillance report) ਦਰਸਾਉਂਦੀ ਹੈ ਕਿ ਪਿਛਲੇ ਚਾਰ ਹਫ਼ਤਿਆਂ 'ਚ ਨਿਉ ਸਾਊਥ ਵੇਲਜ਼ ਵਿੱਚ 4,700 ਤੋਂ ਵੱਧ ਲੋਕਾਂ ਨੂੰ ਇਨਫਲੂਐਂਜ਼ਾ ਹੋਇਆ ਪਾਇਆ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 16 ਪ੍ਰਤੀਸ਼ਤ ਵੱਧ ਹੈ।

ਨਿਉ ਸਾਊਥ ਵੇਲਜ਼ ਹਸਪਤਾਲਾਂ ਵਿੱਚ 6 ਜਨਵਰੀ ਅਤੇ 14 ਅਪ੍ਰੈਲ 2024 ਦਰਮਿਆਨ 480 ਇਨਫਲੂਐਂਜ਼ਾ ਵਰਗੀ ਬੀਮਾਰੀ ਦੇ ਦਾਖਲੇ ਹੋਏ ਸਨ। 2023 ਦੀ ਇਸੇ ਮਿਆਦ ਦੌਰਾਨ ਇਸ ਦੀ ਤੁਲਨਾ ਕਰੀਏ ਤਾਂ ਇਨ੍ਹਾਂ ਮਾਮਲਿਆਂ ਦੀ ਗਿਣਤੀ 284 ਸੀ।

ਨਿਉ ਸਾਊਥ ਵੇਲਜ਼ ਸਰਕਾਰ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਸਰਦੀਆਂ ਤੋਂ ਪਹਿਲਾਂ ਹੀ ਆਪਣੇ ਸਥਾਨਕ GP ਜਾਂ ਫਾਰਮਾਸਿਸਟ ਰਾਹੀਂ ਇਨਫਲੂਐਨਜ਼ਾ ਵੈਕਸੀਨ ਬੁੱਕ ਕਰਵਾਉਣ।

ਅਜਿਹੇ ਲੋਕ ਜਿਨ੍ਹਾਂ ਨੂੰ ਇਨਫਲੂਐਂਜ਼ਾ ਤੋਂ ਗੰਭੀਰ ਬੀਮਾਰੀ ਹੋਣ ਦਾ ਵਧੇਰਾ ਖਤਰਾ ਮੰਨਿਆ ਜਾਂਦਾ ਹੈ, ਉਹ ਮੁਫਤ ਫਲੂ ਵੈਕਸੀਨ ਲਈ ਯੋਗ ਹਨ। ਤਰਜੀਹਸ਼ੁਦਾ ਸਮੂਹਾਂ ਵਿੱਚ ਸ਼ਾਮਲ ਹਨ:

  • 6 ਮਹੀਨਿਆਂ ਤੋਂ ਪੰਜ ਸਾਲ ਦੀ ਉਮਰ ਦੇ ਬੱਚੇ
  • 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ
  • 6 ਮਹੀਨਿਆਂ ਦੀ ਉਮਰ ਤੋਂ ਐਬਓਰੀਜਿਨਲ ਲੋਕ
  • ਗਰਭਵਤੀ ਔਰਤਾਂ
  • ਅਜਿਹੇ ਲੋਕ ਜਿਨ੍ਹਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ ਜਿਵੇਂ ਕਿ ਸ਼ੂਗਰ, ਕੈਂਸਰ, ਇਮਿਊਨ ਵਿਕਾਰ, ਮੋਟਾਪਾ, ਗੰਭੀਰ ਦਮਾ, ਗੁਰਦੇ, ਦਿਲ, ਫੇਫੜਿਆਂ ਜਾਂ ਜਿਗਰ ਦੀਆਂ ਬਿਮਾਰੀਆਂ।

ਨਿਉ ਸਾਊਥ ਵੇਲਜ਼ ਸਿਹਤ ਵਿਭਾਗ ਵੀ ਸਿਫ਼ਾਰਸ਼ ਕਰਦਾ ਹੈ ਕਿ ਫਲੂ ਦੇ ਟੀਕਾਕਰਨ ਦੇ ਨਾਲ ਹੀ ਇੱਕ COVID-19 ਬੂਸਟਰ ਲਗਵਾਉਣ ਬਾਰੇ ਵੀ ਵਿਚਾਰ ਕਰ ਲਿਆ ਜਾਵੇ।

'ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆੱਨ ਇਮਯੂਨਾਈਜ਼ੇਸ਼ਨ' ਦੀ ਨਵੀਨਤਮ COVID-19 ਟੀਕਾਕਰਨ ਸਲਾਹ ਇਹ ਸਿਫ਼ਾਰਸ਼ ਕਰਦੀ ਹੈ ਕਿ:

  • 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਾਲਗਾਂ ਦਾ ਹਰ ਛੇ ਮਹੀਨੇ ਬਾਅਦ COVID-19 ਟੀਕਾਕਰਨ ਕੀਤਾ ਜਾਵੇ,
  • 65 - 74 ਸਾਲ ਦੀ ਉਮਰ ਦੇ ਬਾਲਗਾਂ ਦਾ ਹਰ 12 ਮਹੀਨਿਆਂ ਬਾਅਦ COVID-19 ਟੀਕਾਕਰਨ ਹੋਵੇ ਅਤੇ 18 - 64 ਸਾਲ ਦੀ ਉਮਰ ਦੇ ਅਜਿਹੇ ਬਾਲਗ ਜਿਨ੍ਹਾਂ ਦੀ ਰੋਗ ਪ੍ਰਤੀਰੋੜ੍ਹਕ ਪ੍ਰਣਾਲੀ ਬਹੁਤੀ ਵਧੀਆ ਨਹੀਂ ਹੈ (ਇਮਯੂਨੋਕੋਮਪ੍ਰੋਮਾਈਜ਼ਡ ਲੋਕ), ਉਹ ਹਰ 6 ਮਹੀਨਿਆਂ ਬਾਅਦ ਟੀਕਾਕਰਨ ਬਾਰੇ ਵਿਚਾਰ ਕਰ ਸਕਦੇ ਹਨ,
  • 18 - 64 ਸਾਲ ਦੀ ਉਮਰ ਦੇ ਲੋਕ ਅਤੇ 5 -18 ਸਾਲ ਦੀ ਉਮਰ ਦੇ ਗੰਭੀਰ ਇਮਯੂਨੋਕੋਮਪ੍ਰੋਮਾਈਜ਼ਡ ਲੋਕਾਂ ਵਾਸਤੇ ਹਰ 12 ਮਹੀਨਿਆਂ ਬਾਅਦ ਇੱਕ
    COVID-19 ਖੁਰਾਕ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ COVID-19 ਅਤੇ ਫਲੂ ਤੋਂ ਬਚਾਉਣ ਵਿੱਚ ਮਦਦ ਕਰਨ ਦੇ ਕੁਝ ਤਰੀਕਿਆਂ ਵਿੱਚ ਸ਼ਾਮਲ ਹਨ:

  • ਸਿਫ਼ਾਰਸ਼ ਕੀਤੇ ਇਨਫਲੂਐਂਜ਼ਾ ਅਤੇ COVID-19 ਟੀਕਿਆਂ ਨਾਲ ਅੱਪ-ਟੂ-ਡੇਟ ਰਹੋ (ਲਗਵਾ ਕੇ ਰੱਖੋ)।
  • ਜੇਕਰ ਤੁਹਾਨੂੰ ਜ਼ੁਕਾਮ ਜਾਂ ਫਲੂ ਦੇ ਲੱਛਣ ਹਨ ਤਾਂ ਘਰ ਰਹੋ ਅਤੇ ਜੇਕਰ ਤੁਹਾਨੂੰ ਘਰੋਂ ਬਾਹਰ ਜਾਣ ਦੀ ਲੋੜ ਹੈ ਤਾਂ ਮਾਸਕ ਪਾਓ।
  • ਬਾਹਰਲੇ ਸਥਾਨ 'ਤੇ ਜਾਂ ਚੰਗੀ ਤਰ੍ਹਾਂ ਹਵਾਦਾਰ ਅੰਦਰੂਨੀ ਸਥਾਨਾਂ 'ਤੇ ਇਕੱਠ ਕਰੋ।
  • ਜੇਕਰ ਤੁਹਾਨੂੰ COVID-19 ਜਾਂ ਇਨਫਲੂਐਂਜ਼ਾ ਤੋਂ ਗੰਭੀਰ ਬਿਮਾਰੀ ਹੋਣ ਦਾ ਵਧੇਰਾ ਖ਼ਤਰਾ ਹੈ ਤਾਂ ਇਸ ਬਾਰੇ ਹੁਣੇ ਆਪਣੇ ਡਾਕਟਰ ਨਾਲ ਗੱਲ ਕਰੋ ਤਾਂ ਜੋ ਇੱਕ ਯੋਜਨਾ ਬਣਾਈ ਜਾਵੇ ਕਿ ਜੇਕਰ ਤੁਸੀਂ ਬੀਮਾਰ ਹੋ ਜਾਂਦੇ ਹੋ ਤਾਂ ਕੀ ਕਰਨਾ ਹੈ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਕਿਹੜਾ ਟੈਸਟ ਕਰਵਾਉਣਾ ਹੈ, ਅਤੇ ਚਰਚਾ ਕਰੋ ਕਿ ਕੀ ਤੁਸੀਂ ਐਂਟੀਵਾਇਰਲ ਦਵਾਈਆਂ ਦੇ ਲਈ ਯੋਗ ਹੋ।
  • ਜੇ ਤੁਹਾਨੂੰ ਜ਼ੁਕਾਮ ਜਾਂ ਫਲੂ ਦੇ ਲੱਛਣ ਹਨ ਜਾਂ ਤੁਹਾਡਾ COVID-19 ਜਾਂ ਇਨਫਲੂਐਂਜ਼ਾ ਟੈਸਟ ਦਾ ਨਤੀਜਾ ਪਾਜ਼ਟਿਵ ਆਇਆ ਹੈ ਤਾਂ ਅਜਿਹੇ ਲੋਕਾਂ ਕੋਲ ਨਾ ਜਾਓ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਵੱਧ ਖਤਰਾ ਹੈ।
  • ਆਪਣੇ ਨਿਰਬਲ ਅਜ਼ੀਜ਼ਾਂ ਨੂੰ ਮਿਲਣ ਤੋਂ ਪਹਿਲਾਂ ਇੱਕ ਰੈਪਿਡ ਐਂਟੀਜਨ ਟੈਸਟ ਕਰਨ ਬਾਰੇ ਵਿਚਾਰ ਕਰੋ, ਖਾਸ ਤੌਰ 'ਤੇ ਜਦੋਂ COVID-19 ਦਾ ਫੈਲਾਵ ਸਮਾਜ ਵਿੱਚ ਮੱਧਮ ਜਾਂ ਉੱਚੇ ਪੱਧਰ ਦਾ ਹੋਵੇ।

ਇਨਫਲੂਐਂਜ਼ਾ ਅਤੇ COVID-19 ਬੂਸਟਰ ਵੈਕਸੀਨ ਬਾਰੇ ਵਧੇਰੀ ਜਾਣਕਾਰੀ ਨਿਉ ਸਾਊਥ ਵੇਲਜ਼  ਸਰਕਾਰੀ ਵੈਬਸਾਈਟ 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਪ੍ਰੀਮੀਅਰ Chris Minns ਦੇ ਹਵਾਲੇ ਤੋਂ:

“ਇਨਫਲੂਐਂਜ਼ਾ ਇੱਕ ਤੋਂ ਦੂਸਰੇ ਨੂੰ ਬਹੁਤ ਅਸਾਨੀ ਨਾਲ ਫੈਲਦਾ ਹੈ, ਅਤੇ ਜਾਨਲੇਵਾ ਹੋ ਸਕਦਾ ਹੈ, ਖਾਸ ਤੌਰ 'ਤੇ ਕਮਜ਼ੋਰ ਸਮੂਹਾਂ ਵਾਸਤੇ, ਜਿਵੇਂ ਕਿ ਛੋਟੇ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ ਬਾਲਗਾਂ ਅਤੇ ਗੰਭੀਰ ਕਰੌਨਿਕ (ਲੰਮੀ ਚੱਲਣ ਵਾਲੀ) ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ।

"ਫਲੂ ਸ਼ਾਟ ਲਗਵਾਉਣਾ ਆਪਣੇ ਆਪ ਨੂੰ ਅਤੇ ਵਿਆਪਕ ਭਾਈਚਾਰੇ ਦੀ ਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।"

 ਸਿਹਤ ਮੰਤਰੀ Ryan Park ਦੇ ਹਵਾਲੇ ਤੋਂ:

“ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਇਨਫਲੂਐਂਜ਼ਾ ਵਧਣਾ ਸ਼ੁਰੂ ਹੋ ਗਿਆ ਹੈ, ਅਤੇ ਜਲਦੀ ਹੀ ਵਿਆਪਕ ਨਿਉ ਸਾਊਥ ਵੇਲਜ਼ ਵਿੱਚ ਇਸ ਦੇ ਵਧਣ ਦੀ ਉਮੀਦ ਹੈ, ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਆਪ ਦੀ ਅਤੇ ਦੂਜਿਆਂ ਦੀ ਸੁਰੱਖਿਆ ਵਾਸਤੇ ਟੀਕਾ ਲਗਵਾਓ ਕਿਉਂਕਿ ਤੁਸੀਂ ਨਹੀਂ ਚਾਹੋਗੇ ਕੀ ਹਸਪਤਾਲ ਵਿੱਚ ਪੈ ਜਾਓ ਜਾਂ ਫਿਰ ਕਮਜ਼ੋਰ ਤਪਕੇ ਦੇ ਭਾਈਚਾਰਕ ਮੈਂਬਰਾਂ ਨੂੰ ਖਤਰੇ ਵਿੱਚ ਪਾਓ।

"ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਫਲੂ ਵੈਕਸੀਨ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਅਤੇ ਇਹ ਕਿਸੇ ਵੀ ਉਮਰ ਦੇ ਸਮੂਹ ਵਾਲੇ ਲੋਕਾਂ ਲਈ ਜੀਪੀ ਦੁਆਰਾ ਉਪਲਬਧ ਹਨ, ਅਤੇ ਨਾਲ ਹੀ ਪੰਜ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਲਈ ਫਾਰਮੇਸੀਆਂ ਰਾਹੀਂ ਉਪਲਬਧ ਹਨ।"

ਪ੍ਰਮੁੱਖ ਸਿਹਤ ਅਧਿਕਾਰੀ Dr Kerry Chant ਦੇ ਹਵਾਲੇ ਤੋਂ:

“ਪਿਛਲੇ ਸਾਲ, ਸਾਨੂੰ ED (ਐਮਰਜੈਂਸੀ ਵਿਭਾਗ) ਵਿੱਚ ਛੋਟੇ ਬੱਚਿਆਂ ਦੇ ਜਾਣ ਵਿੱਚ ਵਾਧਾ ਦੇਖਣ ਵਿੱਚ ਆਇਆ ਜਿਨ੍ਹਾਂ ਵਿੱਚੋਂ ਕੁਝ ਨੂੰ ਫਲੂ ਤੋਂ ਜਾਨਲੇਵਾ ਜਟਿਲਤਾਵਾਂ ਕਰਕੇ ਇੰਟੈਂਸਿਵ ਕੇਅਰ ਵਿੱਚ ਦਾਖਲ ਕਰਵਾਉਣਾ ਪਿਆ ਸੀ। ਅਸੀਂ ਇਸ ਸਾਲ ਇਹ ਚੀਜ਼ ਦੁਹਰਾਉਂਦੀ ਹੋਈ ਨਹੀਂ ਦੇਖਣਾ ਚਾਹੁੰਦੇ, ਇਸਲਈ ਅਸੀਂ ਪਰਿਵਾਰਾਂ ਨੂੰ ਯਾਦ ਦਿਲਾ ਰਹੇ ਹਾਂ ਕਿ ਹੁਣੇ ਹੀ ਆਪਣੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਉਨ੍ਹਾਂ ਦੀ ਮੁਫਤ ਫਲੂ ਵੈਕਸੀਨ ਬੁੱਕ ਕਰਵਾਉਣ।

“ਤੁਹਾਡੇ ਸਥਾਨਕ ਡਾਕਟਰ ਜਾਂ ਫਾਰਮਾਸਿਸਟ ਨਾਲ ਇਸ ਨੂੰ ਬੁੱਕ ਕਰਨਾ ਇੱਕ ਬਹੁਤ ਹੀ ਤੇਜ਼ ਅਤੇ ਆਸਾਨ ਪ੍ਰਕਿਰਿਆ ਹੈ ਜੋ ਸਿਫਾਰਸ਼ ਕੀਤੇ ਜਾਣ 'ਤੇ ਉਸੇ ਸਮੇਂ ਤੁਹਾਡੀ COVID-19 ਵੈਕਸੀਨ ਦਾ ਪ੍ਰਬੰਧ ਵੀ ਕਰ ਸਕਦੇ ਹਨ। ਇਹ ਸਧਾਰਨ ਜਿਹਾ ਕੀਤਾ ਗਿਆ ਕੰਮ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਨ੍ਹਾਂ ਸਰਦੀਆਂ ਸਿਹਤਮੰਦ ਰਹਿਣ ਵਿੱਚ ਮਦਦ ਕਰ ਸਕਦਾ ਹੈ।"